ਪੰਜਾਬ ਦੇ 71 ਅਧਿਆਪਕ ‘ਰਾਜ ਅਧਿਆਪਕ’ ਪੁਰਸਕਾਰ ਨਾਲ ਸਨਮਾਨਿਤ ਹੋਣਗੇ

ਚੰਡੀਗੜ੍ਹ ਤੋਂ ਖ਼ਬਰ

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਐਤਵਾਰ 5 ਅਕਤੂਬਰ ਨੂੰ ‘ਵਿਸ਼ਵ ਅਧਿਆਪਕ ਦਿਵਸ’ ਦੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਰੋਹ ਦੌਰਾਨ 71 ਅਧਿਆਪਕਾਂ ਨੂੰ ਵੱਖ-ਵੱਖ ਰਾਜ ਅਧਿਆਪਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਪੁਰਸਕਾਰ ਉਹਨਾਂ ਅਧਿਆਪਕਾਂ ਨੂੰ ਸਮਰਪਿਤ ਹਨ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇ ਕੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਉਨ੍ਹਾਂ ਦੱਸਿਆ ਕਿ 55 ਅਧਿਆਪਕਾਂ ਨੂੰ ਰਾਜ ਅਧਿਆਪਕ ਪੁਰਸਕਾਰ ਦਿੱਤਾ ਜਾਵੇਗਾ, ਜਿਸ ਵਿੱਚੋਂ 34 ਸੀਨੀਅਰ ਸੈਕੰਡਰੀ ਅਤੇ 21 ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਹਨ। ਇਸ ਤੋਂ ਇਲਾਵਾ, 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ (6 ਸੈਕੰਡਰੀ ਤੇ 4 ਪ੍ਰਾਇਮਰੀ), 3 ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ ਅਤੇ 3 ਨੂੰ ਉਨ੍ਹਾਂ ਦੀ ਵਿਲੱਖਣ ਅਗਵਾਈ ਲਈ ਪ੍ਰਬੰਧਕੀ (ਐਡਮਨਿਸਟ੍ਰੇਟਿਵ) ਪੁਰਸਕਾਰ ਨਾਲ ਨਵਾਜਿਆ ਜਾਵੇਗਾ। ਹਰੇਕ ਅਧਿਆਪਕ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਮੈਡਲ, ਸ਼ਾਲ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ।

ਸ. ਬੈਂਸ ਨੇ ਕਿਹਾ ਕਿ ਰਾਜ ਸਰਕਾਰ ਸਿੱਖਿਆ ਖੇਤਰ ਵਿੱਚ ਗੁਣਵੱਤਾ ਤੇ ਉੱਨਤੀ ਲਈ ਵਚਨਬੱਧ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਨੇ ਹਾਲੀਆ ਨੈਸ਼ਨਲ ਅਚੀਵਮੈਂਟ ਸਰਵੇ (ਐਨਏਐਸ) 2024 ਵਿੱਚ ਦੇਸ਼ ਭਰ ਦੇ ਸਾਰੇ ਸੂਬਿਆਂ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ, ਗਿਆਰ੍ਹਵੀਂ ਜਮਾਤ ਵਿੱਚ “ਉੱਦਮਤਾ” ਵਿਸ਼ੇ ਨੂੰ ਸ਼ਾਮਲ ਕਰਕੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਪੁਰਸਕਾਰ ਸਮਾਰੋਹ ਨਾ ਸਿਰਫ਼ ਅਧਿਆਪਕਾਂ ਦੀ ਸੇਵਾ ਦਾ ਸਨਮਾਨ ਹੈ, ਸਗੋਂ ਹੋਰਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ।

Leave a Reply

Your email address will not be published. Required fields are marked *