ਚੰਡੀਗੜ੍ਹ, 19 ਸਤੰਬਰ – ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ‘ਤੇ ਵੱਡਾ ਕਦਮ ਚੁੱਕਦਿਆਂ ਸੂਬੇ ਭਰ ਦੇ ਕਿਸਾਨਾਂ ਨੂੰ 15,613 ਸੀ.ਆਰ.ਐਮ. ਮਸ਼ੀਨਾਂ ਦੀ ਮਨਜ਼ੂਰੀ ਦੇ ਦਿੱਤੀ ਹੈ। ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਹ ਮਨਜ਼ੂਰੀਆਂ ਕੁੱਲ 16,837 ਅਰਜ਼ੀਆਂ ਵਿੱਚੋਂ ਦਿੱਤੀਆਂ ਗਈਆਂ ਹਨ।
ਸਭ ਤੋਂ ਵੱਧ ਮੰਗ
ਕਿਸਾਨਾਂ ਵੱਲੋਂ ਸਭ ਤੋਂ ਵੱਧ 14,493 ਅਰਜ਼ੀਆਂ ਸੁਪਰ ਸੀਡਰ ਲਈ ਆਈਆਂ। ਇਸ ਤੋਂ ਇਲਾਵਾ 4,265 ਆਰ.ਐਮ.ਬੀ. ਪਲੌਅ, 3,844 ਮਲਚਰ, 3,771 ਜ਼ੀਰੋ ਟਿਲ ਡਰਿੱਲ ਅਤੇ 2,015 ਰੇਕ ਲਈ ਅਰਜ਼ੀਆਂ ਮਿਲੀਆਂ।
500 ਕਰੋੜ ਦੀ ਕਾਰਜ ਯੋਜਨਾ
ਸ. ਖੁੱਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ 500 ਕਰੋੜ ਰੁਪਏ ਦੀ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਨਾਲ ਕਿਸਾਨਾਂ ਨੂੰ ਸਬਸਿਡੀ ਮਿਲੇਗੀ ਅਤੇ ਵਾਤਾਵਰਣ ਨੂੰ ਬਚਾਉਂਦੇ ਹੋਏ ਪਰਾਲੀ ਦਾ ਇਨ-ਸੀਟੂ ਪ੍ਰਬੰਧਨ ਹੋਵੇਗਾ।
ਪਰਾਲੀ ਸਾੜਨ ਘਟਿਆ 70%
ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਨਾਲ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ 70 ਫੀਸਦੀ ਘਟ ਕੇ ਸਿਰਫ 10,909 ਰਹਿ ਗਈਆਂ।
ਕਿਸਾਨਾਂ ਲਈ ਅਪੀਲ:
ਸ. ਖੁੱਡੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਮਸ਼ੀਨਰੀ ਦੀ ਵਰਤੋਂ ਕਰ ਕੇ ਵਾਤਾਵਰਣ, ਮਿੱਟੀ ਅਤੇ ਲੋਕ ਸਿਹਤ ਦੀ ਸੰਭਾਲ ਕਰਨ।