ਚੰਡੀਗੜ੍ਹ, 29 ਸਤੰਬਰ : ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ ਵੱਡੀ ਰਾਹਤ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਜਿਸਦਾ ਖੇਤ, ਉਸਦੀ ਰੇਤ’ ਸਕੀਮ ਤਹਿਤ ਕਿਸਾਨਾਂ ਨੂੰ ਖੇਤਾਂ ਵਿੱਚੋਂ ਰੇਤ ਕੱਢਣ ਲਈ 7200 ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ।
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਨਾਲ ਖੇਤਾਂ ਵਿੱਚ ਜਮੀ ਰੇਤ ਅਤੇ ਗਾਰ ਕੱਢਣ ਦੀ ਇਜਾਜ਼ਤ ਹੁਣ ਕਿਸਾਨਾਂ ਨੂੰ ਹੋਵੇਗੀ। ਇਸ ਨਾਲ ਨਾਲ, ਰਾਹਤ ਰਕਮ ਵਿੱਚ ਵੀ ਵੱਡਾ ਵਾਧਾ ਕੀਤਾ ਗਿਆ ਹੈ :
26-33% ਫਸਲ ਨੁਕਸਾਨ ‘ਤੇ ਮੁਆਵਜ਼ਾ ਹੁਣ 10,000 ਰੁਪਏ ਪ੍ਰਤੀ ਏਕੜ
33-75% ਨੁਕਸਾਨ ‘ਤੇ ਵੀ 10,000 ਰੁਪਏ ਪ੍ਰਤੀ ਏਕੜ
75-100% ਨੁਕਸਾਨ ‘ਤੇ ਮੁਆਵਜ਼ਾ ਵਧਾ ਕੇ 20,000 ਰੁਪਏ ਪ੍ਰਤੀ ਏਕੜ
ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਇਸ ਵਿੱਚ 14,900 ਰੁਪਏ ਪ੍ਰਤੀ ਏਕੜ ਯੋਗਦਾਨ ਦੇਵੇਗੀ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ।
ਘਰਾਂ ਦੀ ਮੁਰੰਮਤ ਅਤੇ ਮੁੜ ਵਸੇਬੇ ਲਈ ਵੀ ਵੱਡਾ ਪੈਕੇਜ
ਮਾਨ ਨੇ ਐਲਾਨ ਕੀਤਾ ਕਿ ਪੂਰੀ ਤਰ੍ਹਾਂ ਤਬਾਹ ਹੋਏ ਘਰਾਂ ਦੀ ਮੁਰੰਮਤ ਲਈ 1.20 ਲੱਖ ਰੁਪਏ ਅਤੇ ਅੰਸ਼ਕ ਤੌਰ ‘ਤੇ ਨੁਕਸਾਨੇ ਘਰਾਂ ਲਈ ਮੁਆਵਜ਼ਾ 6,500 ਤੋਂ ਵਧਾ ਕੇ 35,100 ਰੁਪਏ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ੇ ਦੀ ਵੰਡ 15 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਰਾਹਤ ਮਿਲ ਸਕੇ।
ਕੇਂਦਰ ਸਰਕਾਰ ‘ਤੇ ਸਖ਼ਤ ਹਮਲਾ
ਭਗਵੰਤ ਮਾਨ ਨੇ ਕੇਂਦਰ ਸਰਕਾਰ ਉੱਤੇ ‘ਅਣਐਲਾਨਿਆ ਰਾਸ਼ਟਰਪਤੀ ਰਾਜ’ ਲਾਗੂ ਕਰਨ ਦਾ ਦੋਸ਼ ਲਗਾਇਆ ਅਤੇ ਪ੍ਰਧਾਨ ਮੰਤਰੀ ਵੱਲੋਂ 1600 ਕਰੋੜ ਦੇ ਐਲਾਨ ਨੂੰ “ਮਜ਼ਾਕ” ਕਿਹਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਐਸ.ਡੀ.ਆਰ.ਐਫ. ਦੇ 240 ਕਰੋੜ ਵੀ ਉਸੇ ਪੈਕੇਜ ਵਿੱਚ ਜੋੜ ਕੇ ਗਿਣੇ ਗਏ ਹਨ।
ਮਾਨ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲ ਕੇ ਪੰਜਾਬ ਦੇ ਹਿੱਤਾਂ ਨਾਲ ਜੁੜੇ ਮੁੱਦੇ ਚੁੱਕਣਗੇ। ਉਨ੍ਹਾਂ ਵਿਰੋਧੀ ਧਿਰ ਨੂੰ ਅਪੀਲ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਸਰਕਾਰ ਨਾਲ ਇੱਕਜੁੱਟ ਹੋ ਕੇ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਕਰਨ।