ਭਾਵੁਕ ਹੁੰਦਿਆਂ ਚੀਮਾ ਨੇ ਅਕਾਲੀ ਦਲ ਤੋਂ ਤੋੜਿਆ ਨਾਤਾ, ਪਾਰਟੀ ਦੀ ਸੋਚ ’ਤੇ ਖੜ੍ਹੇ ਕੀਤੇ ਸਵਾਲ

ਚੰਡੀਗੜ੍ਹ, 30 September: ਸੀਨੀਅਰ ਅਕਾਲੀ ਨੇਤਾ ਜਗਦੀਪ ਸਿੰਘ ਚੀਮਾ ਨੇ ਅਕਾਲੀ ਦਲ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹਨੇ ਸਵੇਰੇ ਹੀ ਪਾਰਟੀ ਨੂੰ ਅਸਤੀਫਾ ਭੇਜ ਦਿੱਤਾ ਸੀ, ਪਰ ਪਾਰਟੀ ਵੱਲੋਂ ਉਨ੍ਹਾਂ ਖ਼ਿਲਾਫ਼ ਕੱਢੇ ਜਾਣ ਦਾ ਐਲਾਨ ਕੀਤਾ ਗਿਆ। ਚੀਮਾ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ 1920 ਤੋਂ ਅਕਾਲੀ ਦਲ ਨਾਲ ਜੁੜਿਆ ਹੈ। 1925 ਦੀ ਐਸ.ਜੀ.ਪੀ.ਸੀ. ਚੋਣ ਦੌਰਾਨ ਉਹਨਾਂ ਦੇ ਦਾਦਾ ਪਾਕਿਸਤਾਨ ਤੋਂ ਮੈਂਬਰ ਬਣੇ ਸਨ, ਜਦਕਿ ਪਿਤਾ ਰਣਧੀਰ ਸਿੰਘ ਚੀਮਾ ਵੀ ਐਸ.ਜੀ.ਪੀ.ਸੀ. ਮੈਂਬਰ ਰਹੇ।

ਚੀਮਾ ਨੇ ਦੱਸਿਆ ਕਿ ਉਹ 1968 ਤੋਂ ਅਕਾਲੀ ਦਲ ਨਾਲ ਸਰਗਰਮ ਰਹੇ ਹਨ ਅਤੇ ਗੁਰਨਾਮ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਦੌਰਾਨ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਦੇ ਰਹੇ। ਉਹ 12-13 ਸਾਲ ਤੱਕ ਜ਼ਿਲ੍ਹਾ ਪ੍ਰਧਾਨ ਰਹੇ ਅਤੇ ਪਾਰਟੀ ਦੇ ਹਰੇਕ ਪੱਧਰ ’ਤੇ ਆਪਣੀ ਭੂਮਿਕਾ ਨਿਭਾਈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਵੀ ਉਸੇ ਸੋਚ ’ਤੇ ਟਿਕਿਆ ਹੋਇਆ ਹੈ ਜੋ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਵਿਧਾਨ ਸਭਾ ਤੋਂ ਲੈਕੇ ਲੋਕ ਸਭਾ ਅਤੇ ਜਿਮਨੀ ਚੋਣਾਂ ਤੱਕ ਹਰੇਕ ਥਾਂ ਅਕਾਲੀ ਦਲ ਦਾ ਹਾਲ ਬੁਰਾ ਰਿਹਾ ਹੈ। ਚੀਮਾ ਨੇ ਇਲਜ਼ਾਮ ਲਾਇਆ ਕਿ ਪਾਰਟੀ ’ਚ ਨਾ ਕੋਈ ਅਸਲ ਅਕਾਲੀ ਚੇਹਰਾ ਬਚਿਆ ਹੈ ਅਤੇ ਨਾ ਹੀ ਕੋਈ ਟਕਸਾਲੀ ਰਹਿ ਗਿਆ ਹੈ।

ਉਨ੍ਹਾਂ ਕਿਹਾ ਕਿ ਝੁੰਦਾ ਕਮੇਟੀ ਦੀ ਰਿਪੋਰਟ ਤੇ ਚਰਚਾ ਹੋਈ ਸੀ, ਪਰ ਉਸਦੇ ਸੁਝਾਵਾਂ ਨੂੰ ਲਾਗੂ ਨਹੀਂ ਕੀਤਾ ਗਿਆ। 2016 ਤੋਂ ਬਾਅਦ ਪਾਰਟੀ ਨੇ ਨਾ ਕੋਈ ਨਵਾਂ ਪ੍ਰੋਗਰਾਮ ਬਣਾਇਆ ਹੈ ਅਤੇ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਹੈ।

ਚੀਮਾ ਨੇ ਕਿਹਾ, “ਮੈਨੂੰ ਪਤਾ ਸੀ ਕਿ ਪਾਰਟੀ ਦੀ ਸੋਚ ਕਿੱਥੇ ਖੜੀ ਹੈ, ਇਸੇ ਲਈ ਅਸਤੀਫੇ ਵਿੱਚ ਦੋ ਅੱਖਰ ਹੀ ਲਿਖੇ। ਪਾਰਟੀ ਦੇ ਨਾਲ ਹੁਣ ਚੁਗਲਖੋਰ ਤੇ ਉਹਨਾਂ ਦੇ ਹਮਾਇਤੀ ਹੀ ਰਹਿ ਗਏ ਹਨ।”

ਇਸ ਮੌਕੇ ਹਰਦੀਪ ਸਿੰਘ ਚੀਮਾ ਨੇ ਵੀ ਕਿਹਾ ਕਿ ਆਪਣੇ ਸਾਥੀਆਂ ਨਾਲ ਗੱਲਬਾਤ ਕਰਕੇ ਹੀ ਅੱਗੇ ਦੇ ਸਿਆਸੀ ਭਵਿੱਖ ਬਾਰੇ ਫੈਸਲਾ ਲਿਆ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਦਲਜੀਤ ਸਿੰਘ ਚੀਮਾ ਵੱਲੋਂ ਜਿਹੜੇ ਢੰਗ ਨਾਲ ਉਨ੍ਹਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਹੈ, ਉਸ ਨਾਲ ਉਹਨਾਂ ਨੂੰ ਦੁੱਖ ਪਹੁੰਚਿਆ ਹੈ। ਚੀਮਾ ਨੇ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਮੈਸਜ ਕੀਤਾ ਤਾਂ ਉਹਨਾਂ ਨੇ ਸਿਰਫ ਹੱਥ ਜੋੜਕੇ ਜਵਾਬ ਦਿੱਤਾ, ਜੋ ਦਰਸਾਉਂਦਾ ਹੈ ਕਿ ਪਾਰਟੀ ਵਿਚਾਲੇ ਗੰਭੀਰ ਖ਼ਲਲ ਹੈ।

 ਇਹ ਸਾਰੀ ਘਟਨਾ ਅਕਾਲੀ ਦਲ ਦੇ ਅੰਦਰ ਚੱਲ ਰਹੀਆਂ ਉਥਲ-ਪੁਥਲਾਂ ਨੂੰ ਹੋਰ ਸਪੱਸ਼ਟ ਕਰਦੀ ਹੈ, ਜਿਹੜੀਆਂ ਪਾਰਟੀ ਦੇ ਭਵਿੱਖ ਲਈ ਗੰਭੀਰ ਚੁਣੌਤੀ ਸਾਬਤ ਹੋ ਸਕਦੀਆਂ ਹਨ।

Leave a Reply

Your email address will not be published. Required fields are marked *