ਤਰਨ ਤਾਰਨ ਜ਼ਿਮਨੀ ਚੋਣ ਲਈ ਅੰਤਿਮ ਵੋਟਰ ਸੂਚੀ ਜਾਰੀ

ਚੰਡੀਗੜ੍ਹ, 30 ਸਤੰਬਰ : ਭਾਰਤੀ ਚੋਣ ਕਮਿਸ਼ਨ ਵੱਲੋਂ 21-ਤਰਨ ਤਾਰਨ ਵਿਧਾਨ ਸਭਾ ਹਲਕੇ ਵਿੱਚ ਅਗਾਮੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਅੰਤਿਮ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਹ ਸੂਚੀ ਵਿਸ਼ੇਸ਼ ਸੰਖੇਪ ਸੋਧ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿੱਚ ਯੋਗਤਾ ਮਿਤੀ 1 ਜੁਲਾਈ 2025 ਰੱਖੀ ਗਈ ਹੈ। ਮੁੱਖ ਚੋਣ ਅਧਿਕਾਰੀ, ਪੰਜਾਬ ਵੱਲੋਂ ਬੁਲਾਈ ਮੀਟਿੰਗ ਵਿੱਚ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਸ ਦੀਆਂ ਕਾਪੀਆਂ ਸੌਂਪੀਆਂ ਗਈਆਂ।

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਹਲਕੇ ਵਿੱਚ ਕੁੱਲ 1,93,742 ਵੋਟਰ ਦਰਜ ਹਨ, ਜਿਨ੍ਹਾਂ ਵਿੱਚ 1,01,494 ਪੁਰਸ਼ ਅਤੇ 92,240 ਮਹਿਲਾ ਵੋਟਰ ਹਨ। ਉਨ੍ਹਾਂ ਕਿਹਾ ਕਿ 114 ਪੋਲਿੰਗ ਸਟੇਸ਼ਨ ਸਥਾਨਾਂ ‘ਤੇ ਕੁੱਲ 222 ਪੋਲਿੰਗ ਸਟੇਸ਼ਨ (ਸ਼ਹਿਰੀ 60 ਅਤੇ ਪੇਂਡੂ 162) ਬਣਾਏ ਗਏ ਹਨ ਤਾਂ ਜੋ ਵੋਟਿੰਗ ਪ੍ਰਕਿਰਿਆ ਸੁਚਾਰੂ ਅਤੇ ਸਭ ਲਈ ਆਸਾਨ ਬਣੇ।

ਸਿਬਿਨ ਸੀ ਨੇ ਕਿਹਾ ਕਿ ਸੋਧ ਪ੍ਰਕਿਰਿਆ ਪੂਰੀ ਤਰ੍ਹਾਂ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਨੂੰਨੀ ਨਿਯਮਾਂ ਦੇ ਅਧੀਨ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਖਰੜਾ ਜਾਰੀ ਕਰਨ ਤੋਂ ਲੈ ਕੇ ਦਾਅਵਿਆਂ ਅਤੇ ਇਤਰਾਜ਼ਾਂ ਦੀ ਨਿਪਟਾਰਾ ਪ੍ਰਕਿਰਿਆ ਤੱਕ ਹਰ ਕਦਮ ਪਾਰਦਰਸ਼ੀਤਾ ਅਤੇ ਨਿਯਮਾਂ ਦੀ ਪਾਲਣਾ ਕਰਦਿਆਂ ਮੁਕੰਮਲ ਕੀਤਾ ਗਿਆ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ 100 ਫੀਸਦੀ ਵੋਟਰਾਂ ਕੋਲ ਈ.ਪੀ.ਆਈ.ਸੀ. (ਵੋਟਰ ਫੋਟੋ ਪਛਾਣ ਪੱਤਰ) ਹੈ, ਜੋ ਇੱਕ ਸ਼ੁੱਧ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਨੂੰ ਯਕੀਨੀ ਬਣਾਉਂਦਾ ਹੈ।

ਸਿਬਿਨ ਸੀ ਨੇ ਵੋਟਰਾਂ ਨੂੰ ਯਾਦ ਦਿਵਾਇਆ ਕਿ ਉਹ ਚੋਣ ਰਜਿਸਟ੍ਰੇਸ਼ਨ ਅਫ਼ਸਰ ਦੇ ਹੁਕਮਾਂ ਵਿਰੁੱਧ ਜ਼ਿਲ੍ਹਾ ਚੋਣ ਅਫ਼ਸਰ ਕੋਲ ਅਪੀਲ ਕਰ ਸਕਦੇ ਹਨ। ਜ਼ਰੂਰਤ ਪੈਣ ‘ਤੇ ਉਹ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 24 ਅਤੇ ਚੋਣ ਰਜਿਸਟ੍ਰੇਸ਼ਨ ਨਿਯਮਾਂ, 1960 ਦੇ ਨਿਯਮ 23 ਦੇ ਤਹਿਤ ਮੁੱਖ ਚੋਣ ਅਫ਼ਸਰ ਕੋਲ ਵੀ ਅਪੀਲ ਕਰਨ ਦਾ ਹੱਕ ਰੱਖਦੇ ਹਨ।

Leave a Reply

Your email address will not be published. Required fields are marked *