ਚੰਡੀਗੜ੍ਹ, 2 ਅਕਤੂਬਰ:– ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਭਾਰਤ ਸਰਕਾਰ ਨੇ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਸ਼ਰਧਾਲੂ ਹੁਣ 5 ਨਵੰਬਰ ਨੂੰ ਮਨਾਏ ਜਾਣ ਵਾਲੇ ਇਸ ਇਤਿਹਾਸਕ ਪਵਿੱਤਰ ਮੌਕੇ ‘ਤੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਵਿੱਚ ਮੱਥਾ ਟੇਕ ਸਕਣਗੇ।
ਇਹ ਮਨਜ਼ੂਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਵੱਲੋਂ ਉਠਾਈ ਗਈ ਮੰਗ ਦੇ ਮੱਦੇਨਜ਼ਰ ਦਿੱਤੀ ਗਈ ਹੈ। ਐਸ.ਜੀ.ਪੀ.ਸੀ. ਨੇ ਸਰਹੱਦ ਪਾਰ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਸ਼ਰਧਾਲੂਆਂ ਨੂੰ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਸੀ।
ਗ੍ਰਹਿ ਮੰਤਰਾਲੇ (ਐਮ.ਐਚ.ਏ.) ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਯਾਤਰਾ ਲਈ ਕੁਝ ਸਖ਼ਤ ਸ਼ਰਤਾਂ ਤਹਿਤ ਮਨਜ਼ੂਰੀ ਦਿੱਤੀ ਗਈ ਹੈ:
1️⃣ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਸਿਰਫ਼ ਆਪਣੇ ਅਧਿਕਾਰ ਖੇਤਰ ਅੰਦਰ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨਾਂ ਰਾਹੀਂ ਸਪਾਂਸਰ ਕੀਤੀਆਂ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ।
2️⃣ ਅਰਜ਼ੀਆਂ ਨੂੰ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਸਲਾਹ ਕਰਕੇ ਰਾਜ ਪੁਲਿਸ, ਸੀ.ਆਈ.ਡੀ. ਅਤੇ ਖੁਫੀਆ ਏਜੰਸੀਆਂ ਰਾਹੀਂ ਪੂਰੀ ਜਾਂਚ ਮਗਰੋਂ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਭੇਜਣਾ ਹੋਵੇਗਾ।
3️⃣ ਸਿਰਫ਼ ਉਹੀ ਸ਼ਰਧਾਲੂ ਜਿਨ੍ਹਾਂ ਦੀ ਸਿਫਾਰਸ਼ ਐਮ.ਐਚ.ਏ. ਅਤੇ ਵਿਦੇਸ਼ ਮੰਤਰਾਲੇ (ਐਮ.ਈ.ਏ.) ਰਾਹੀਂ ਕੀਤੀ ਗਈ ਹੈ ਅਤੇ ਜਿਨ੍ਹਾਂ ਨੂੰ ਬਾਅਦ ਵਿੱਚ ਪਾਕਿਸਤਾਨੀ ਵੀਜ਼ਾ ਮਿਲੇਗਾ, ਉਹ ਹੀ ICP ਅਟਾਰੀ ਸਰਹੱਦ ਰਾਹੀਂ ਜਥਿਆਂ ਦਾ ਹਿੱਸਾ ਬਣਕੇ ਯਾਤਰਾ ਕਰ ਸਕਣਗੇ।
4️⃣ ਯਾਤਰਾ ਸਿਰਫ਼ ਐਮ.ਐਚ.ਏ.-ਪ੍ਰਵਾਨਿਤ ਜਥਿਆਂ ਦੇ ਨਾਲ ਹੀ ਸੰਭਵ ਹੋਵੇਗੀ। ਇੱਥੋਂ ਤੱਕ ਕਿ ਵੈਧ ਪਾਕਿਸਤਾਨੀ ਵੀਜ਼ਾ ਰੱਖਣ ਵਾਲੇ ਸ਼ਰਧਾਲੂਆਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਇਕੱਲੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਸ ਫ਼ੈਸਲੇ ਨਾਲ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਸ਼ਰਧਾਲੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਸਰਹੱਦ ਪਾਰ ਗੁਰਦੁਆਰਿਆਂ ਵਿੱਚ ਹਾਜ਼ਰੀ ਭਰਨ ਦਾ ਸੁਨਹਿਰਾ ਮੌਕਾ ਮਿਲੇਗਾ।