ਸ੍ਰੀ ਆਨੰਦਪੁਰ ਸਾਹਿਬ, 5 ਅਕਤੂਬਰ – ਗੁਰੂ ਤੇਗ ਬਹਾਦਰ ਜੀ ਦੇ ਸੀਸ ਲਿਆਉਣ ਵਾਲੇ ਮਹਾਨ ਯੋਧੇ, ਮਹਾਨ ਸਿੱਖ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਯਾਦ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਅਤਿ-ਆਧੁਨਿਕ ਯਾਦਗਾਰ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ। ਇਹ ਯਾਦਗਾਰ ਖਾਲਸੇ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣਾਈ ਗਈ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰ ਲੋਕਾਂ ਨੂੰ ਸਮਰਪਿਤ ਕੀਤੀ ਗਈ।

ਮੁੱਖ ਮੰਤਰੀ ਨੇ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚਮਕੌਰ ਸਾਹਿਬ ਦੀ ਜੰਗ ਵਿੱਚ ਸਵਾ ਲੱਖ ਮੁਗਲ ਸੈਨਿਕਾਂ ਦਾ ਡਟ ਕੇ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਮਨੁੱਖਤਾ ਅਤੇ ਸਿੱਖ ਵਿਰਾਸਤ ਨੂੰ ਸਮਰਪਿਤ ਪੰਜ ਗੈਲਰੀਆਂ ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ, ਜਿਹੜੀਆਂ ਇਤਿਹਾਸਕ ਪਲਾਂ ਨੂੰ ਜੀਵੰਤ ਕਰਦੀਆਂ ਹਨ।

ਭਗਵੰਤ ਮਾਨ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਦੋ ਪੜਾਵਾਂ ਵਿੱਚ ਤਿਆਰ ਕੀਤਾ ਗਿਆ ਹੈ — ਪਹਿਲਾ ਪੜਾਅ ਫਰਵਰੀ 2024 ਵਿੱਚ ਪੂਰਾ ਹੋਇਆ ਸੀ ਜਦਕਿ ਅੱਜ ਦੂਜੇ ਪੜਾਅ ਤਹਿਤ ਇਮਾਰਤ ਦੇ ਦੋਵਾਂ ਵਿੰਗਾਂ ਵਿੱਚ ਬਣੀਆਂ ਪੰਜ ਗੈਲਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 29 ਕਰੋੜ ਰੁਪਏ ਹੈ।

ਯਾਦਗਾਰ ਦਾ ਡਿਜ਼ਾਈਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਆਰਕੀਟੈਕਚਰ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ। ਗੈਲਰੀਆਂ ਵਿੱਚ ਆਧੁਨਿਕ ਤਕਨਾਲੋਜੀ ਰਾਹੀਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ, ਉਨ੍ਹਾਂ ਦੀ ਸੇਵਾ, ਕੁਰਬਾਨੀ ਅਤੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਪਲਾਂ ਨੂੰ ਦਰਸਾਇਆ ਗਿਆ ਹੈ।

ਪਹਿਲੀ ਗੈਲਰੀ ਸਿੱਖ ਗੁਰੂਆਂ ਦੀ ਸਿੱਖਿਆ ਅਤੇ ਬਾਬਾ ਜੀਵਨ ਸਿੰਘ ਦੇ ਪੁਰਖਿਆਂ ਦੇ ਆਧਿਆਤਮਿਕ ਸਬੰਧਾਂ ਨੂੰ ਦਰਸਾਉਂਦੀ ਹੈ।
ਦੂਜੀ ਗੈਲਰੀ ਉਨ੍ਹਾਂ ਦੇ ਮਾਪਿਆਂ ਦੇ ਵਿਆਹ, ਜਨਮ ਅਤੇ ਪਰਿਵਾਰਕ ਇਤਿਹਾਸ ਨਾਲ ਜੁੜੀ ਹੈ।
ਤੀਜੀ ਗੈਲਰੀ ਕਸ਼ਮੀਰੀ ਪੰਡਤਾਂ ‘ਤੇ ਹੋਏ ਅਤਿਆਚਾਰ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਭਾਈ ਜੈਤਾ ਜੀ ਵੱਲੋਂ ਗੁਰੂ ਜੀ ਦਾ ਸੀਸ ਲਿਆਉਣ ਦੀ ਘਟਨਾ ਨੂੰ ਦਰਸਾਉਂਦੀ ਹੈ।
ਚੌਥੀ ਗੈਲਰੀ ਵਿੱਚ ਮਲਟੀਮੀਡੀਆ ਰਾਹੀਂ ਉਹ ਪਲ ਦਰਸਾਇਆ ਗਿਆ ਹੈ ਜਦੋਂ ਬਾਬਾ ਜੀਵਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤੇਗ ਬਹਾਦਰ ਜੀ ਦਾ ਸੀਸ ਭੇਟ ਕੀਤਾ ਅਤੇ “ਰੰਗਰੇਟਾ ਗੁਰੂ ਕਾ ਬੇਟਾ” ਦੀ ਉਪਾਧੀ ਪ੍ਰਾਪਤ ਕੀਤੀ।
ਪੰਜਵੀਂ ਗੈਲਰੀ ਸ੍ਰੀ ਆਨੰਦਪੁਰ ਸਾਹਿਬ ਨਾਲ ਜੁੜੇ ਇਤਿਹਾਸਕ ਸਥਾਨਾਂ ਅਤੇ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਦੀ ਐਨੀਮੇਟਿਡ ਪੇਸ਼ਕਾਰੀ ਨਾਲ ਸਮਾਪਤ ਹੁੰਦੀ ਹੈ।
