ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਆਖ਼ਿਰਕਾਰ ਰਾਜ ਦੇ ਨਵੇਂ ਪੁਲਿਸ ਮੁਖੀ ਦੀ ਨਿਯੁਕਤੀ ਕਰ ਦਿੱਤੀ ਹੈ। 1992 ਬੈਚ ਦੇ ਆਈ.ਪੀ.ਐਸ. ਅਧਿਕਾਰੀ ਓਮ ਪ੍ਰਕਾਸ਼ ਸਿੰਘ ਨੂੰ ਰਾਜ ਦਾ ਨਵਾਂ ਡੀ.ਜੀ.ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਤਾਇਨਾਤ ਕੀਤਾ ਗਿਆ ਹੈ।

ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਏ.ਡੀ.ਜੀ.ਪੀ. ਦੀ ਖ਼ੁਦਕੁਸ਼ੀ ਮਾਮਲੇ ਤੋਂ ਬਾਅਦ ਮੌਜੂਦਾ ਡੀ.ਜੀ.ਪੀ. ਸ਼ਤਰੁਜੀਤ ਕਪੂਰ ਨੂੰ ਛੁੱਟੀ ’ਤੇ ਭੇਜ ਦਿੱਤਾ ਗਿਆ।
ਓ.ਪੀ. ਸਿੰਘ ਇਸ ਵੇਲੇ ਹਰਿਆਣਾ ਪੁਲਿਸ ਹਾਉਸਿੰਗ ਕਾਰਪੋਰੇਸ਼ਨ ਦੇ ਪ੍ਰਬੰਧਕ ਨਿਰਦੇਸ਼ਕ (ਐਮ.ਡੀ.) ਦੇ ਤੌਰ ’ਤੇ ਤੈਨਾਤ ਸਨ। ਉਹ 31 ਦਸੰਬਰ 2025 ਨੂੰ ਰਿਟਾਇਰ ਹੋਣ ਵਾਲੇ ਹਨ।
ਬਿਹਾਰ ਦੇ ਜਮੂਈ ਜ਼ਿਲ੍ਹੇ ਨਾਲ ਸੰਬੰਧਤ ਓ.ਪੀ. ਸਿੰਘ ਦੀ ਛਵੀ ਇਕ ਸਾਫ਼-ਸੁਥਰੇ ਅਤੇ ਇਮਾਨਦਾਰ ਅਧਿਕਾਰੀ ਵਜੋਂ ਰਹੀ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਉਹ ਦਿਵੰਗਤ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਜੀਜਾ ਵੀ ਹਨ।
ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸੂਬੇ ਦੇ ਕਾਨੂੰਨ-ਵਿਵਸਥਾ ਮਾਮਲਿਆਂ ਵਿੱਚ ਨਵੀਂ ਦਿਸ਼ਾ ਦੀ ਉਮੀਦ ਜਤਾਈ ਜਾ ਰਹੀ ਹੈ।