ਅੰਮ੍ਰਿਤਸਰ, 17 ਸਤੰਬਰ – ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਵਿਖੇ ਕਾਂਗਰਸ ਆਗੂ ਦੇ ਦੌਰੇ ਦੌਰਾਨ ਹੋਈ ਮਰਯਾਦਾ ਉਲੰਘਣਾ ਦੇ ਮਾਮਲੇ ਨੇ ਸਿੱਖ ਜਗਤ ਵਿੱਚ ਰੋਸ ਪੈਦਾ ਕਰ ਦਿੱਤਾ ਸੀ। ਹੁਣ ਸ਼੍ਰੋਮਣੀ ਕਮੇਟੀ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਜ਼ਿੰਮੇਵਾਰ ਮੁਲਾਜ਼ਮਾਂ ’ਤੇ ਵੱਡੀ ਕਾਰਵਾਈ ਕੀਤੀ ਹੈ। SGPC ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੁਕਮਾਂ ਅਨੁਸਾਰ ਪੜਤਾਲ ਰਿਪੋਰਟ ਪ੍ਰਾਪਤ ਹੋਣ ਮਗਰੋਂ ਤੁਰੰਤ ਕਾਰਵਾਈ ਕੀਤੀ ਗਈ।
ਕਾਰਵਾਈ ਦੇ ਮੁੱਖ ਬਿੰਦੂ:
🔹 ਕਥਾਵਾਚਕ ਭਾਈ ਪਲਵਿੰਦਰ ਸਿੰਘ ਤੇ ਸੇਵਾਦਾਰ ਭਾਈ ਹਰਵਿੰਦਰ ਸਿੰਘ ਮੁਅੱਤਲ
🔹 ਇਵਜ਼ੀ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਦੀ ਸੇਵਾ ਖ਼ਤਮ
🔹 ਗੁਰਦੁਆਰਾ ਮੈਨੇਜਰ ਸ. ਪ੍ਰਗਟ ਸਿੰਘ ਨੂੰ ਚੇਤਾਵਨੀ ਜਾਰੀ ਕਰਕੇ ਤਬਦੀਲ
ਪੜਤਾਲ ਵਿਚ ਸਾਹਮਣੇ ਆਇਆ ਕਿ ਕਾਂਗਰਸ ਆਗੂ ਗੁਰਦੁਆਰਾ ਸਾਹਿਬ ਦੇ ਦਰਬਾਰ ਵਿਚ ਨਿਰਧਾਰਤ ਜੰਗਲੇ ਦੇ ਅੰਦਰ ਚਲੇ ਗਏ ਸਨ, ਜੋ ਮਰਯਾਦਾ ਦੀ ਸਿੱਧੀ ਉਲੰਘਣਾ ਹੈ। SGPC ਨੇ ਸਪੱਸ਼ਟ ਕੀਤਾ ਕਿ ਇਸ ਪਵਿੱਤਰ ਅਸਥਾਨ ਵਿੱਚ ਪ੍ਰਵੇਸ਼ ਲਈ ਨਿਯਮਤ ਬਾਣਾ ਲਾਜ਼ਮੀ ਹੁੰਦਾ ਹੈ ਅਤੇ ਸਿਰਫ ਗ੍ਰੰਥੀ, ਸੇਵਾਦਾਰ ਅਤੇ ਅਧਿਕਾਰਤ ਮੁਲਾਜ਼ਮ ਹੀ ਅੰਦਰ ਜਾ ਸਕਦੇ ਹਨ।
ਇਸ ਤੋਂ ਇਲਾਵਾ, ਦਰਬਾਰ ਅੰਦਰ ਕਾਂਗਰਸ ਆਗੂਆਂ ਨੂੰ ਸਿਰੋਪਾਓ ਦੇਣਾ ਵੀ SGPC ਦੀ ਪੁਰਾਣੀ ਕਮੇਟੀ ਦੇ ਫੈਸਲੇ ਦੀ ਉਲੰਘਣਾ ਪਾਇਆ ਗਿਆ। SGPC ਨੇ ਕਿਹਾ ਕਿ ਮਰਯਾਦਾ ਸਭ ਲਈ ਇੱਕੋ ਜਿਹੀ ਹੈ ਅਤੇ ਅਗਲੇ ਸਮੇਂ ਵਿਚ ਵੀ ਇਸਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
