ਲੇਹ : ਲਦਾਖ ਪ੍ਰਸ਼ਾਸਨ ਵੱਲੋਂ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਸੋਨਮ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਅਧੀਨ ਹਿਰਾਸਤ ਵਿੱਚ ਲਿਆ ਗਿਆ ਹੈ।
ਪ੍ਰਸ਼ਾਸਨ ਨੇ ਦੋਸ਼ ਲਗਾਇਆ ਹੈ ਕਿ ਸੋਨਮ ਵਾਂਗਚੁਕ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ ਜੋ ਰਾਜ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦੀਆਂ ਸਨ ਅਤੇ ਖੇਤਰ ਵਿੱਚ ਅਮਨ-ਕਨੂੰਨ ਬਣਾਈ ਰੱਖਣ ਲਈ ਨੁਕਸਾਨਦੇਹ ਸਾਬਤ ਹੋ ਰਹੀਆਂ ਸਨ।
ਅਧਿਕਾਰੀਆਂ ਮੁਤਾਬਕ, ਗੱਲਬਾਤ ਲਈ ਸਪੱਸ਼ਟ ਸੰਚਾਰ ਕਰਨ ਦੇ ਬਾਵਜੂਦ ਵੀ ਸੋਨਮ ਨੇ ਆਪਣੀ ਭੁੱਖ ਹੜਤਾਲ ਜਾਰੀ ਰੱਖੀ ਅਤੇ ਉਸਦੇ “ਗੁਪਤ ਮੰਤਵ” ਕਾਰਨ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਪਏ। ਖ਼ਾਸ ਇੰਪੁੱਟ ਦੇ ਆਧਾਰ ‘ਤੇ ਸੋਨਮ ਨੂੰ ਐਨ.ਐਸ.ਏ. ਹੇਠ ਜ਼ੋਧਪੁਰ ਤਬਦੀਲ ਕਰ ਦਿੱਤਾ ਗਿਆ ਹੈ।
ਇਸ ਕਾਰਵਾਈ ਨੇ ਸਥਾਨਕ ਪੱਧਰ ‘ਤੇ ਚਰਚਾਵਾਂ ਨੂੰ ਤੇਜ਼ ਕਰ ਦਿੱਤਾ ਹੈ, ਕਿਉਂਕਿ ਸੋਨਮ ਵਾਂਗਚੁਕ ਲੰਬੇ ਸਮੇਂ ਤੋਂ ਲਦਾਖ ਦੇ ਵਾਤਾਵਰਣ, ਸਾਂਸਕ੍ਰਿਤਕ ਵਿਰਾਸਤ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਖੇਤਰ ਵਿੱਚ ਸ਼ਾਂਤੀ ਅਤੇ ਕਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ।