ਪੰਜਾਬ ਦੇ ਹੜ ਪੀੜਤ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਖਾਸ ਸੈਸ਼ਨ ਦੌਰਾਨ ਮੁਆਵਜ਼ੇ ਦੀ ਰਕਮ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਨਿਰਧਾਰਿਤ ਮੁਆਵਜ਼ੇ ਨਾਲ ਪੰਜਾਬ ਸਰਕਾਰ ਆਪਣਾ ਹਿੱਸਾ ਜੋੜ ਕੇ ਕਿਸਾਨਾਂ ਨੂੰ ਹੋਰ ਵਧੀਆ ਰਾਹਤ ਦੇਵੇਗੀ। ਇਸ ਮੁੱਦੇ ‘ਤੇ ਮੁੱਖ ਮੰਤਰੀ ਜਲਦ ਹੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ ਅਤੇ ਕੇਂਦਰ ਤੋਂ ਵੀ ਮੁਆਵਜ਼ੇ ਦੀ ਰਕਮ ਵਧਾਉਣ ਦੀ ਮੰਗ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ 26 ਤੋਂ 33 ਪ੍ਰਤੀਸ਼ਤ ਤੱਕ ਫਸਲ ਦੇ ਨੁਕਸਾਨ ਲਈ ਪਹਿਲਾਂ ਮਿਲਦੇ 2 ਹਜ਼ਾਰ ਰੁਪਏ ਦੀ ਥਾਂ 10 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ। 33 ਤੋਂ 75 ਪ੍ਰਤੀਸ਼ਤ ਨੁਕਸਾਨ ਲਈ SDRF ਵੱਲੋਂ ਮਿਲਦੇ 6800 ਰੁਪਏ ਦੀ ਥਾਂ ਹੁਣ 10 ਹਜ਼ਾਰ ਰੁਪਏ ਦਿੱਤੇ ਜਾਣਗੇ, ਜਿਸ ਵਿੱਚੋਂ 3200 ਰੁਪਏ ਪੰਜਾਬ ਸਰਕਾਰ ਦੇ ਹੋਣਗੇ।
75 ਤੋਂ 100 ਪ੍ਰਤੀਸ਼ਤ ਨੁਕਸਾਨ ਵਾਲੇ ਕਿਸਾਨਾਂ ਲਈ ਮੁਆਵਜ਼ਾ ਵਧਾ ਕੇ ਕੁੱਲ 20 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਇਸ ਵਿੱਚੋਂ 14,900 ਰੁਪਏ ਦਾ ਹਿੱਸਾ ਪੰਜਾਬ ਸਰਕਾਰ ਪਾਵੇਗੀ। ਘਰ ਪੂਰੇ ਟੁੱਟਣ ‘ਤੇ ਪਹਿਲਾਂ ਵਾਂਗ 1.20 ਲੱਖ ਰੁਪਏ ਮਿਲਣਗੇ ਪਰ ਹਿੱਸੇਵਾਰ ਟੁੱਟਣ ਲਈ ਹੁਣ SDRF ਦੇ 6500 ਰੁਪਏ ਨਾਲ ਨਾਲ ਪੰਜਾਬ ਸਰਕਾਰ ਦੇ 33,500 ਰੁਪਏ ਜੋੜ ਕੇ ਕੁੱਲ 35,100 ਰੁਪਏ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਕਿ ਦਿਵਾਲੀ ਤੋਂ ਪਹਿਲਾਂ 15 ਅਕਤੂਬਰ ਤੋਂ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਹੱਥੋਂ-ਹੱਥ ਚੈਕ ਵੰਡੇ ਜਾਣਗੇ ਤਾਂ ਜੋ ਕਿਸਾਨ ਤਿਉਹਾਰ ਮਨਾਉਣ ਲਈ ਤਿਆਰ ਹੋ ਸਕਣ। ਡੀਸਿਲਟਿੰਗ ਲਈ 7200 ਰੁਪਏ ਪ੍ਰਤੀ ਏਕੜ ਦਿੱਤੇ ਜਾਣਗੇ ਚਾਹੇ ਕਿਸਾਨ ਡੀਜ਼ਲ ਲਗਾਏ ਜਾਂ ਜੇਸੀਬੀ/ਟਰੈਕਟਰ ਵਰਤੇ। ਜਿਨ੍ਹਾਂ ਦੀਆਂ ਜ਼ਮੀਨਾਂ ਪੂਰੀ ਤਰ੍ਹਾਂ ਰੁੜ ਗਈਆਂ ਹਨ ਉਨ੍ਹਾਂ ਨੂੰ 47,500 ਰੁਪਏ ਪ੍ਰਤੀ 2.5 ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ।
ਟਿਊਬਵੈਲਾਂ ਤੇ ਬੋਰਾਂ ਤੋਂ ਪਾਣੀ ਕੱਢਣ ਲਈ ਮੁੱਖ ਮੰਤਰੀ ਫੰਡ ਤੋਂ 4.5 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮਾਨ ਨੇ ਕਿਹਾ ਕਿ ਰਾਣਾ ਗੁਰਜੀਤ ਦੀ ਸਿਫ਼ਾਰਸ਼ ‘ਤੇ IIT ਰੋਪੜ ਅਤੇ ਥਾਪਰ ਯੂਨੀਵਰਸਿਟੀ ਦੀ ਸਹਾਇਤਾ ਨਾਲ ਹੜਾਂ ਨਾਲ ਨਜਿੱਠਣ ਲਈ ਹੋਰ ਪ੍ਰਭਾਵਸ਼ਾਲੀ ਯੋਜਨਾਵਾਂ ਬਣਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਕੇਂਦਰ ਨੂੰ ਅਪੀਲ ਕੀਤੀ ਕਿ SDRF ਮੁਆਵਜ਼ੇ ਨੂੰ ਵਧਾ ਕੇ ਘੱਟੋ-ਘੱਟ 15 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਕੁੱਲ 50 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਦੀ ਰਾਹਤ ਮਿਲ ਸਕੇ।