ਚੰਡੀਗੜ੍ਹ, 29 ਸਤੰਬਰ – ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹੜ੍ਹਾਂ ਦੇ ਮਾਮਲੇ ‘ਚ ਵਿਰੋਧੀ ਧਿਰ ਉੱਤੇ ਸਿਆਸਤ ਕਰਨ ਅਤੇ ਸਦਨ ਨੂੰ ਗੁੰਮਰਾਹ ਕਰਨ ਦੇ ਗੰਭੀਰ ਦੋਸ਼ ਲਗਾਏ।
ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ “ਪੰਜਾਬ ਦਾ ਪੁਨਰਵਾਸ” ਮਤੇ ‘ਤੇ ਬੋਲਦਿਆਂ ਗੋਇਲ ਨੇ ਪ੍ਰਤਾਪ ਸਿੰਘ ਬਾਜਵਾ ਦੇ ਇਸ ਦਾਅਵੇ ਨੂੰ ਨਕਾਰਿਆ ਕਿ ਰਣਜੀਤ ਸਾਗਰ ਡੈਮ ਤੋਂ 7 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਉਨ੍ਹਾਂ ਕਿਹਾ ਕਿ ਅਸਲ ਅੰਕੜਾ 2.15 ਲੱਖ ਕਿਊਸਿਕ ਸੀ ਅਤੇ ਬਾਜਵਾ ਨੂੰ ਸਦਨ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਗੋਇਲ ਨੇ ਕਾਂਗਰਸ ‘ਤੇ ਲੋਕਾਂ ਦੇ ਹਿੱਤਾਂ ਦੀ ਬਜਾਏ ਸਿਰਫ਼ ਰਾਜਨੀਤੀ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮਾਧੋਪੁਰ ਹੈੱਡਵਰਕਸ ਟੁੱਟਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਇਕ ਮਹੀਨੇ ਬਾਅਦ ਦੌਰੇ ‘ਤੇ ਪਹੁੰਚੇ ਅਤੇ ਸ਼ਹੀਦ ਹੋਏ ਮੁਲਾਜ਼ਮਾਂ ਬਾਰੇ ਕੋਈ ਸ਼ਬਦ ਨਹੀਂ ਕਿਹਾ।
ਜਲ ਸਰੋਤ ਮੰਤਰੀ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਨੇ ਡਰੇਨਾਂ ਦੀ ਸਫ਼ਾਈ ਲਈ ਉਹ ਕੰਮ ਕੀਤਾ ਹੈ ਜੋ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਹਿਰੀ ਪਾਣੀ ਦੀ ਪਹੁੰਚ 21% ਤੋਂ ਵਧਾ ਕੇ 64% ਕਰ ਦਿੱਤੀ ਗਈ ਹੈ ਅਤੇ 2026 ਤੱਕ ਇਸ ਨੂੰ 76% ਤੱਕ ਲਿਜਾਣ ਦਾ ਟੀਚਾ ਹੈ।
ਉਨ੍ਹਾਂ ਭਾਜਪਾ ‘ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਵਿਧਾਨ ਸਭਾ ਦੇ ਸਮਕਾਲੀ ਮੌਕ ਸੈਸ਼ਨ ਚਲਾਉਣਾ ਸਦਨ ਦੀ ਤੌਹੀਨ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
