ਨਵੀਂ ਦਿੱਲੀ/ਚੰਡੀਗੜ੍ਹ, 30 ਸਤੰਬਰ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਦੌਰਾਨ ਬਰਨਾਲਾ ਲਈ ਵੱਡੀ ਰਾਹਤ ਦੀ ਖ਼ਬਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਚੱਲਣ ਵਾਲੀ ਤੇਜ਼ ਰਫ਼ਤਾਰ ਵੰਦੇ ਭਾਰਤ ਐਕਸਪ੍ਰੈੱਸ ਦਾ ਹੁਣ ਬਰਨਾਲਾ ਸਟੇਸ਼ਨ ‘ਤੇ ਵੀ ਠਹਿਰ ਹੋਵੇਗਾ।
ਮੀਤ ਹੇਅਰ ਨੇ ਕਿਹਾ ਕਿ ਇਹ ਮੰਗ ਉਹ ਪਿਛਲੇ ਕਈ ਸਮਿਆਂ ਤੋਂ ਕਰ ਰਹੇ ਸਨ ਕਿਉਂਕਿ ਬਰਨਾਲਾ ਅਤੇ ਆਲੇ-ਦੁਆਲੇ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਕੌਮੀ ਰਾਜਧਾਨੀ ਦਿੱਲੀ ਨਾਲ ਸਿੱਧੀ ਕਨੈਕਟਿਵਿਟੀ ਨਹੀਂ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਰੇਲਵੇ ਮੰਤਰਾਲੇ ਨੇ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਕੈਂਟ ਤੱਕ ਵੰਦੇ ਭਾਰਤ ਰੇਲ ਚਲਾਉਣ ਦਾ ਐਲਾਨ ਕੀਤਾ ਤਾਂ ਬਰਨਾਲਾ ਸਟੇਸ਼ਨ ‘ਤੇ ਠਹਿਰਾਅ ਨਹੀਂ ਸੀ ਰੱਖਿਆ ਗਿਆ। ਇਸ ਮੰਗ ਨੂੰ ਉਹ ਨਿਰੰਤਰ ਪਾਰਲੀਮੈਂਟ ਅਤੇ ਰੇਲ ਮੰਤਰਾਲੇ ਦੇ ਸਾਹਮਣੇ ਰੱਖਦੇ ਆ ਰਹੇ ਸਨ।
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਮੰਗ ‘ਤੇ ਵਿਚਾਰ ਕਰਦੇ ਹੋਏ ਮੀਤ ਹੇਅਰ ਨੂੰ ਭਰੋਸਾ ਦਿੱਤਾ ਕਿ ਬਰਨਾਲਾ ਸਟੇਸ਼ਨ ‘ਤੇ ਰੇਲ ਦਾ ਠਹਿਰਾਅ ਯਕੀਨੀ ਬਣਾਇਆ ਜਾਵੇਗਾ।
ਮੀਤ ਹੇਅਰ ਨੇ ਕਿਹਾ ਕਿ ਜਦੋਂ ਵੰਦੇ ਭਾਰਤ ਰੇਲ ਬਰਨਾਲਾ ਸਟੇਸ਼ਨ ਉੱਤੇ ਪਹਿਲੀ ਵਾਰ ਰੁਕੇਗੀ, ਉਹ ਬਰਨਾਲਾ ਵਾਸੀਆਂ ਦੇ ਨਾਲ ਮਿਲ ਕੇ ਇਸਦਾ ਉਚੇਚਾ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਲਈ ਇਤਿਹਾਸਕ ਹੋਵੇਗਾ ਕਿਉਂਕਿ ਇਸ ਨਾਲ ਇਲਾਕੇ ਦੀ ਰੇਲਵੇ ਕਨੈਕਟਿਵਿਟੀ ਹੋਰ ਮਜ਼ਬੂਤ ਹੋਵੇਗੀ।