ਲੁਧਿਆਣਾ: ਤਿਉਹਾਰਾਂ ਦੇ ਮੌਸਮ ਦੌਰਾਨ ਖੁਰਾਕੀ ਸਮਾਨ ਵਿੱਚ ਹੋਣ ਵਾਲੀਆਂ ਮਿਲਾਵਟਾਂ ਖਿਲਾਫ਼ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਵਿਭਾਗ ਨੇ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ‘ਤੇ ਟੀਮਾਂ ਤਾਇਨਾਤ ਕਰਕੇ ਛਾਪੇਮਾਰੀ ਕੀਤੀ, ਜਿਸ ਦੌਰਾਨ ਨਕਲੀ ਦੁੱਧ, ਪਨੀਰ ਅਤੇ ਹੁਣ ਨਕਲੀ ਦੇਸੀ ਘਿਉ ਬਣਾਉਣ ਵਾਲਿਆਂ ‘ਤੇ ਕਾਰਵਾਈ ਕੀਤੀ ਗਈ।
ਲੁਧਿਆਣਾ ਦੇ ਸ਼ਾਮ ਨਗਰ ਖੇਤਰ ਵਿੱਚ ਇੱਕ ਘਰ ਵਿੱਚ ਨਕਲੀ ਦੇਸੀ ਘਿਉ ਤਿਆਰ ਕਰ ਰਹੇ ਪਤੀ-ਪਤਨੀ ‘ਤੇ ਗੁਪਤ ਸੂਚਨਾ ਦੇ ਅਧਾਰ ‘ਤੇ ਛਾਪਾ ਮਾਰਿਆ ਗਿਆ। ਟੀਮ ਵੱਲੋਂ 40 ਕਿੱਲੋ ਨਕਲੀ ਘਿਉ ਬਰਾਮਦ ਕੀਤਾ ਗਿਆ। ਮੌਕੇ ‘ਤੇ ਪੁਲਿਸ ਨੂੰ ਬੁਲਾ ਕੇ ਵੀ ਅਗਲੀ ਕਾਰਵਾਈ ਕੀਤੀ ਗਈ। ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਲੁਧਿਆਣਾ ਦੇ ਸਿਵਲ ਸਰਜਨ ਨੇ ਜਾਣਕਾਰੀ ਸਾਂਝੀ ਕੀਤੀ।

ਪਤੀ-ਪਤਨੀ ‘ਤੇ ਪਹਿਲਾਂ ਵੀ ਦਰਜ ਹਨ ਕਈ ਮਾਮਲੇ
ਲੁਧਿਆਣਾ ਦੇ ਸਿਵਲ ਸਰਜਨ ਡਾ. ਰਮਨਦੀਪ ਆਲੂਵਾਲੀਆ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਰੇਡ ਦੌਰਾਨ 40 ਕਿੱਲੋ ਨਕਲੀ ਦੇਸੀ ਘਿਉ ਦੇ ਨਾਲ 10 ਕਿੱਲੋ ਸੁੱਕਾ ਦੁੱਧ ਅਤੇ ਕ੍ਰੀਮ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਰਿਵਾਰ ਖਿਲਾਫ਼ ਪਹਿਲਾਂ ਵੀ ਨਕਲੀ ਘਿਉ ਬਣਾਉਣ ਸਬੰਧੀ ਕਈ ਮਾਮਲੇ ਦਰਜ ਹਨ ਅਤੇ ਇਹ 2023 ਤੋਂ ਫਰਾਰ ਚੱਲ ਰਹੇ ਸਨ। ਹੁਣ ਉਨ੍ਹਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁਲਜ਼ਮ ਔਰਤ ਕਾਬੂ, ਪਤੀ ਫਰਾਰ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿੱਚ ਮੁਲਜ਼ਮ ਦਲਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਹੈ, ਜਦਕਿ ਉਸਦੀ ਪਤਨੀ ਅਵਨੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਤਰਕ ਰਹਿਣ ਅਤੇ ਘੱਟ ਕੀਮਤਾਂ ਦੇ ਲਾਲਚ ਵਿੱਚ ਨਕਲੀ ਦੇਸੀ ਘਿਉ ਜਾਂ ਪਨੀਰ ਖਰੀਦਣ ਤੋਂ ਪਰਹੇਜ਼ ਕਰਨ।