ਚੰਡੀਗੜ੍ਹ, 16 ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਉੱਚ ਪੱਧਰੀ ਮੀਟਿੰਗ ਕਰਕੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਪਾਣੀ ਹਟਣ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ, ਇਸ ਲਈ ਮਨੁੱਖੀ ਸਿਹਤ ਅਤੇ ਪਸ਼ੂਆਂ ਦੀ ਤੰਦਰੁਸਤੀ ਲਈ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
1.50 ਲੱਖ ਲੋਕਾਂ ਦੀ ਸਿਹਤ ਜਾਂਚ, ਕੈਂਪਾਂ ਵਿੱਚ ਲੱਗੀ ਭੀੜ:
ਮੁੱਖ ਮੰਤਰੀ ਨੇ ਦੱਸਿਆ ਕਿ 2303 ਪਿੰਡਾਂ ਵਿੱਚ ਲਗਾਏ ਸਿਹਤ ਕੈਂਪਾਂ ਤੋਂ ਹੁਣ ਤੱਕ ਲਗਭਗ 1.50 ਲੱਖ ਲੋਕਾਂ ਨੂੰ ਸਹੂਲਤ ਮਿਲੀ ਹੈ। ਕੈਂਪਾਂ ਵਿੱਚ ਬੁਖ਼ਾਰ, ਪੇਚਸ਼ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਹੋ ਰਿਹਾ ਹੈ।
ਘਰ-ਘਰ ਪਹੁੰਚ ਰਹੀਆਂ ਆਸ਼ਾ ਵਰਕਰਾਂ:
2.47 ਲੱਖ ਘਰਾਂ ਤੱਕ ਆਸ਼ਾ ਵਰਕਰਾਂ ਪਹੁੰਚ ਚੁੱਕੀਆਂ ਹਨ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦੇ ਰਹੀਆਂ ਹਨ। ਹੈਲਥ ਕਿੱਟਾਂ (ਓਆਰਐਸ, ਮੱਛਰ ਮਾਰ ਦਵਾਈਆਂ, ਕਲੋਰੀਨ ਗੋਲੀਆਂ, ਸਾਬਣ ਆਦਿ) 20 ਸਤੰਬਰ ਤੱਕ ਹਰ ਘਰ ਤੱਕ ਪਹੁੰਚਾਈਆਂ ਜਾਣਗੀਆਂ।
ਮੱਛਰਾਂ ਤੇ ਨਿਯੰਤਰਣ ਲਈ 21 ਦਿਨਾਂ ਫੌਗਿੰਗ ਮੁਹਿੰਮ:
ਮੁੱਖ ਮੰਤਰੀ ਨੇ ਕਿਹਾ ਕਿ ਮੱਛਰਾਂ ਦੇ ਪ੍ਰਜਣਨ ਨੂੰ ਰੋਕਣ ਲਈ ਘਰ-ਘਰ ਜਾਂਚ ਹੋ ਰਹੀ ਹੈ। ਜਿੱਥੇ ਲਾਰਵਾ ਮਿਲਦਾ ਹੈ ਉੱਥੇ ਤੁਰੰਤ ਛਿੜਕਾਅ ਹੋ ਰਿਹਾ ਹੈ।
ਪਸ਼ੂਆਂ ਲਈ ਖ਼ਾਸ ਪ੍ਰਬੰਧ:
ਹੁਣ ਤੱਕ 14780 ਪਸ਼ੂਆਂ ਦਾ ਇਲਾਜ ਅਤੇ 48535 ਪਸ਼ੂਆਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਚੁੱਕਾ ਹੈ। ਮਾਰੇ ਗਏ ਜਾਨਵਰਾਂ ਦੀਆਂ ਲਾਸ਼ਾਂ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਤੇ ਮਿੱਟੀ ਦੂਸ਼ਿਤ ਨਾ ਹੋਵੇ।
ਸਫ਼ਾਈ ਮੁਹਿੰਮ ਵਿੱਚ ਤੇਜ਼ੀ:
ਭਗਵੰਤ ਮਾਨ ਨੇ ਆਦੇਸ਼ ਦਿੱਤਾ ਕਿ 21 ਸਤੰਬਰ ਤੱਕ ਸਾਰੇ ਪ੍ਰਭਾਵਿਤ ਪਿੰਡਾਂ ਦੀ ਸਫ਼ਾਈ ਮੁਕੰਮਲ ਕੀਤੀ ਜਾਵੇ। ਖੜ੍ਹੇ ਪਾਣੀ ਦੀ ਨਿਕਾਸੀ, ਕੂੜੇ ਦਾ ਸਮੇਂ ਸਿਰ ਨਿਪਟਾਰਾ ਅਤੇ ਰਹਿੰਦ-ਖੂੰਹਦ ਦੇ ਪ੍ਰਬੰਧ ਯਕੀਨੀ ਬਣਾਏ ਜਾਣ।
ਸਾਫ਼ ਪਾਣੀ ਮੁਹਿੰਮ:
ਪੀਣ ਵਾਲੇ ਪਾਣੀ ਦੀ ਟੈਸਟਿੰਗ, ਕਲੋਰੀਨੇਸ਼ਨ ਅਤੇ ਜਲ ਸਪਲਾਈ ਪਾਈਪਾਂ ਦੀ ਲੀਕੇਜ ਦੀ ਤੁਰੰਤ ਮੁਰੰਮਤ ਲਈ ਹਦਾਇਤਾਂ ਜਾਰੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਸਾਰੀਆਂ ਸਰਕਾਰੀ ਏਜੰਸੀਆਂ ਲਈ ਚੁਣੌਤੀ ਹੈ ਅਤੇ ਅੰਤਰ-ਵਿਭਾਗੀ ਤਾਲਮੇਲ ਨਾਲ ਹੀ ਲੋਕਾਂ ਤੱਕ ਵੱਧ ਤੋਂ ਵੱਧ ਰਾਹਤ ਪਹੁੰਚਾਈ ਜਾ ਸਕਦੀ ਹੈ।
ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਡਾ. ਰਵਜੋਤ, ਤਰੁਨਪ੍ਰੀਤ ਸਿੰਘ ਸੌਂਦ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਅਧਿਕਾਰੀ ਮੌਜੂਦ ਸਨ।

