ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਪੰਜਾਬ ਵਿਰੋਧੀ ਸੋਚ ਰੱਖਣ ਦਾ ਗੰਭੀਰ ਦੋਸ਼ ਲਗਾਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਭਾਰਤ-ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਕਰਵਾਏ ਜਾ ਸਕਦੇ ਹਨ, ਤਾਂ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ?
ਮਾਨ ਨੇ ਕਿਹਾ, “ਕਰਤਾਰਪੁਰ ਤੇ ਨਨਕਾਣਾ ਸਾਡੇ ਵਿਸ਼ਵਾਸ ਦੇ ਕੇਂਦਰ ਹਨ, ਕ੍ਰਿਕਟ ਜਾਂ ਕਾਰੋਬਾਰ ਦਾ ਮੰਚ ਨਹੀਂ। ਰਾਜਨੀਤੀ ਅਤੇ ਕ੍ਰਿਕਟ ਉਡੀਕ ਕਰ ਸਕਦੇ ਹਨ, ਪਰ ਸਾਡੀ ਸ਼ਰਧਾ ਨਹੀਂ।”
ਉਨ੍ਹਾਂ ਦੋਸ਼ ਲਗਾਇਆ ਕਿ ਮੈਚਾਂ ਤੋਂ ਆਉਣ ਵਾਲੀ ਕਮਾਈ ਅੱਤਵਾਦ ਅਤੇ ਨਸ਼ਿਆਂ ਦੀ ਫੰਡਿੰਗ ਵਿੱਚ ਜਾ ਰਹੀ ਹੈ। “ਪੈਸਾ ਅਫਗਾਨਿਸਤਾਨ ਭੇਜਿਆ ਜਾ ਸਕਦਾ ਹੈ, ਪਰ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਧਾਰਮਿਕ ਸਥਲਾਂ ‘ਤੇ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ,” ਮਾਨ ਨੇ ਕਿਹਾ।
ਮੁੱਖ ਮੰਤਰੀ ਨੇ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਤੋਂ ਵੀ ਖੁੱਲ੍ਹਾ ਸਵਾਲ ਪੁੱਛਿਆ ਕਿ ਕੀ ਉਹ ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਾਲ ਸਵਾਲ ਕਰਨ ਦੀ ਹਿੰਮਤ ਦਿਖਾਉਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਤੁਰੰਤ ਦਖ਼ਲ ਦੇ ਕੇ ਸਾਰੇ ਸ਼ਰਧਾਲੂਆਂ ਨੂੰ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਆਗਿਆ ਦਿੱਤੀ ਜਾਵੇ।