73 ਸਾਲਾ ਹਰਜੀਤ ਕੌਰ ਨੂੰ ਅਮਰੀਕਾ ਨੇ ਹੱਥਕੜੀਆਂ ਤੇ ਬੇੜੀਆਂ ਲਾ ਕੇ ਡੀਪੋਰਟ ਕੀਤਾ

ਚੰਡੀਗੜ੍ਹ : ਅਮਰੀਕਾ ਵਿੱਚ ਪਿਛਲੇ 30 ਸਾਲਾਂ ਤੋਂ ਰਹਿ ਰਹੀ 73 ਸਾਲਾ ਪੰਜਾਬੀ ਮੂਲ ਦੀ ਹਰਜੀਤ ਕੌਰ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲੈ ਕੇ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਇਸ ਘਟਨਾ ਨਾਲ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਵਿੱਚ ਗੁੱਸੇ ਅਤੇ ਨਿਰਾਸ਼ਾ ਦੀ ਲਹਿਰ ਹੈ।

ਜਾਣਕਾਰੀ ਮੁਤਾਬਕ, ਹਰਜੀਤ ਕੌਰ ਨੂੰ ਕੁਝ ਦਿਨ ਪਹਿਲਾਂ ਈਸਟ ਬੇਅ ਵਿੱਚ ਰੁਟੀਨ ਚੈਕ-ਇਨ ਦੌਰਾਨ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ 2013 ਵਿੱਚ ਉਨ੍ਹਾਂ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਵੀ ਉਹ ਹਰ ਛੇ ਮਹੀਨੇ ਬਾਅਦ ਆਈਸੀਈਐਸ ਨੂੰ ਰਿਪੋਰਟ ਕਰਦੀਆਂ ਰਹੀਆਂ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਮਰ ਅਤੇ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਿਹਾਈ ਦੇਣੀ ਚਾਹੀਦੀ ਸੀ।

ਹਰਜੀਤ ਕੌਰ ਦੇ ਵਕੀਲ ਦੀਪਕ ਆਹਲੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ 132 ਹੋਰ ਭਾਰਤੀ ਨਾਗਰਿਕਾਂ ਦੇ ਨਾਲ ਜਾਰਜੀਆ ਤੋਂ ਚਾਰਟਰਡ ਫਲਾਈਟ ਰਾਹੀਂ ਅਰਮੇਨੀਆ ਭੇਜਿਆ ਗਿਆ ਅਤੇ ਫਿਰ ਦਿੱਲੀ ਏਅਰਪੋਰਟ ‘ਤੇ ਉਤਾਰਿਆ ਗਿਆ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈਣ ਲਈ ਦਿੱਲੀ ਪਹੁੰਚੇ।

ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੱਥਕੜੀਆਂ ਪਾਈਆਂ ਗਈਆਂ, ਬੇੜੀਆਂ ਨਾਲ ਬੰਨ੍ਹਿਆ ਗਿਆ ਅਤੇ ਮਿਲਣ ਤੱਕ ਨਹੀਂ ਦਿੱਤਾ ਗਿਆ। ਪੋਤੀ ਸੁਖਮੀਤ ਕੌਰ ਨੇ ਕਿਹਾ, “ਅਸੀਂ ਸਿਰਫ਼ ਇਹ ਸੁਣਿਆ ਸੀ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਾਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਲੱਭਿਆ ਤਾਂ ਉਹ ਰੋ ਰਹੀ ਸੀ ਅਤੇ ਮਦਦ ਮੰਗ ਰਹੀ ਸੀ।”

ਭਾਈਚਾਰੇ ਨੇ ਅਮਰੀਕੀ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਮਨੁੱਖਤਾ ਵਿਰੁੱਧ ਕਦਮ ਹੈ। ਉਨ੍ਹਾਂ ਦੀ ਇੱਕ ਸਹੇਲੀ ਨੇ ਦੱਸਿਆ ਕਿ ਹਰਜੀਤ ਕੌਰ ਇੱਥੇ 30 ਸਾਲਾਂ ਤੋਂ ਦਰਜ਼ੀ ਦਾ ਕੰਮ ਕਰ ਰਹੀ ਸੀ ਅਤੇ ਹਿਰਾਸਤ ਦੌਰਾਨ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਗਿਆ।

ਇਸ ਘਟਨਾ ਨੇ ਪੰਜਾਬੀ ਭਾਈਚਾਰੇ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ ਅਤੇ ਇਮੀਗ੍ਰੇਸ਼ਨ ਨੀਤੀਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

Leave a Reply

Your email address will not be published. Required fields are marked *