ਏਸ਼ੀਆ ਕੱਪ 2025: ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ, ਅਭਿਸ਼ੇਕ ਸ਼ਰਮਾ ਛਾ ਗਏ
ਪਾਕਿਸਤਾਨ ਨੂੰ ਭਾਰਤ ਨੇ ਕਰਾਰੀ ਹਾਰ ਤਾਂ ਦੇ ਦਿੱਤੀ, ਪਰ ਮੈਚ ਦੌਰਾਨ ਪਾਕਿਸਤਾਨੀ ਖਿਡਾਰੀਆਂ ਨੇ ਬੇਹੱਦ ਸ਼ਰਮਨਾਕ ਤੇ ਭੜਕਾਉਣ ਵਾਲੀਆਂ ਹਰਕਤਾਂ ਕੀਤੀਆਂ, ਜਿਹੜੀਆਂ ਤਸਵੀਰਾਂ ਸਾਫ਼ ਦਿਖਾ ਰਹੀਆਂ ਹਨ, ਪਾਕਿ ਦੇ ਨਾਪਾਕ ਖਿਡਾਰੀ ਬੱਲੇ ਨੂੰ AK 47 ਵਾਂਗ ਦਿਖਾਉਂਦੇ ਨਜ਼ਰ ਆਏ।
ਦੁਬਈ – ਏਸ਼ੀਆ ਕੱਪ 2025 ਦੇ ਸੁਪਰ ਫੋਰ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਕੇ ਆਪਣੀ ਦੂਜੀ ਲਗਾਤਾਰ ਜਿੱਤ ਦਰਜ ਕੀਤੀ। ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 171 ਦੌੜਾਂ ਬਣਾਈਆਂ। ਭਾਰਤ ਨੇ 18.5 ਓਵਰਾਂ ਵਿੱਚ ਟੀਚਾ ਹਾਸਲ ਕਰਕੇ ਮੈਚ ਆਪਣੇ ਨਾਮ ਕੀਤਾ।
ਭਾਰਤ ਲਈ ਸਭ ਤੋਂ ਵੱਡਾ ਹੀਰੋ ਪੰਜਾਬ ਦਾ ਪੁੱਤਰ ਅਭਿਸ਼ੇਕ ਸ਼ਰਮਾ ਰਿਹਾ, ਜਿਸ ਨੇ ਕੇਵਲ 39 ਗੇਂਦਾਂ ‘ਤੇ 47 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਸ ਦਾ ਸਾਥ ਸ਼ੁਭਮਨ ਗਿੱਲ ਨੇ ਦਿੱਤਾ, ਜਿਸ ਨੇ 28 ਗੇਂਦਾਂ ‘ਤੇ 47 ਦੌੜਾਂ ਜੋੜੀਆਂ। ਦੋਵੇਂ ਖਿਡਾਰੀਆਂ ਨੇ ਪਹਿਲੀ ਵਿਕਟ ਲਈ 105 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕਰਕੇ ਪਾਕਿਸਤਾਨ ਦੇ ਹੌਸਲੇ ਤੋੜ ਦਿੱਤੇ।
ਬਾਕੀ ਯੋਗਦਾਨ ਵਿੱਚ ਸੰਜੂ ਸੈਮਸਨ ਨੇ 13, ਤਿਲਕ ਵਰਮਾ ਨੇ ਨਾਬਾਦ 30 ਅਤੇ ਹਾਰਦਿਕ ਪੰਡਯਾ ਨੇ ਨਾਬਾਦ 7 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹਾਰਿਸ ਰਉਫ ਨੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਅਬਰਾਰ ਅਹਿਮਦ ਅਤੇ ਫਹੀਮ ਅਸ਼ਰਫ ਨੂੰ ਇੱਕ-ਇੱਕ ਸਫਲਤਾ ਮਿਲੀ।
ਇਸ ਤੋਂ ਪਹਿਲਾਂ ਪਾਕਿਸਤਾਨ ਲਈ ਸਾਹਿਬਜ਼ਾਦਾ ਫਰਹਾਨ ਨੇ ਸ਼ਾਨਦਾਰ ਅਰਧ ਸੈਂਕੜਾ ਜੜ੍ਹਿਆ। ਉਸ ਨੇ 54 ਗੇਂਦਾਂ ‘ਤੇ 58 ਦੌੜਾਂ ਬਣਾਈਆਂ। ਫਹੀਮ ਅਸ਼ਰਫ (20), ਸੈਮ ਅਯੂਬ (21) ਅਤੇ ਮੁਹੰਮਦ ਨਵਾਜ਼ (21) ਨੇ ਵੀ ਯੋਗਦਾਨ ਪਾਇਆ। ਭਾਰਤ ਲਈ ਸ਼ਿਵਮ ਦੂਬੇ ਨੇ 2 ਵਿਕਟਾਂ, ਜਦਕਿ ਹਾਰਦਿਕ ਪੰਡਯਾ ਅਤੇ ਕੁਲਦੀਪ ਯਾਦਵ ਨੇ 1-1 ਵਿਕਟ ਲਈ।
ਇਹ ਟੂਰਨਾਮੈਂਟ ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਗਰੁੱਪ ਮੈਚ ਵਿੱਚ ਵੀ ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਪਲੇਅਰ ਆਫ਼ ਦ ਮੈਚ – ਅਭਿਸ਼ੇਕ ਸ਼ਰਮਾ:
ਅਭਿਸ਼ੇਕ ਸ਼ਰਮਾ ਦੀ ਅਕ੍ਰਮਕ ਪਾਰੀ ਨੇ ਭਾਰਤ ਨੂੰ ਮੈਚ ਵਿੱਚ ਮਜ਼ਬੂਤ ਸ਼ੁਰੂਆਤ ਦਿੱਤੀ ਅਤੇ ਪਾਕਿਸਤਾਨ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।
ਭਾਰਤ ਦਾ ਅਗਲਾ ਮੁਕਾਬਲਾ ਹੁਣ 24 ਸਤੰਬਰ ਨੂੰ ਬੰਗਲਾਦੇਸ਼ ਨਾਲ ਖੇਡਿਆ ਜਾਵੇਗਾ।