ਜ਼ੀਰਾ/ਫਿਰੋਜ਼ਪੁਰ, 27 ਸਤੰਬਰ – ਹਰਮੀਤ ਪਠਾਣਮਾਜਰਾ ਦੇ ਹੱਕ ‘ਚ ਡਟੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਉਨ੍ਹਾਂ ਕਿਹਾ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਸੱਚ ਬੋਲਣ ਦੀ ਹਿੰਮਤ ਕਰ ਰਿਹਾ ਹੈ, ਪਰ ਉਸ ਦਾ ਪਰਿਵਾਰ ਹੁਣ ਸੱਤਾ ਦੀ ਦੁਰਵਰਤੋਂ ਦਾ ਸ਼ਿਕਾਰ ਬਣ ਰਿਹਾ ਹੈ। ਜ਼ੀਰਾ ਨੇ ਕਿਹਾ ਕਿ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ 92 ਵਿਧਾਇਕ ਆਪਣੀ ਜ਼ਮੀਰ ਮਾਰ ਕੇ ਕੇਜਰੀਵਾਲ ਦੀਆਂ ਭੇਡਾਂ ਬਣੇ ਬੈਠੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਲੋਕਾਂ ਨੇ ਇਨਕਲਾਬ ਅਤੇ ਬਦਲਾਅ ਦੇ ਸੁਪਨੇ ਦੇਖ ਕੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ, ਪਰ ਸਰਕਾਰ ਬਣਨ ਤੋਂ ਬਾਅਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸੱਤਾ ਦੀ ਦੁਰਵਰਤੋਂ ਕਰਦਿਆਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਕੁਚਲ ਦਿੱਤਾ। ਜ਼ੀਰਾ ਨੇ ਕਿਹਾ ਕਿ ਦਿੱਲੀ ਤੋਂ ਆਈ ਟੀਮ ਨੇ ਪੰਜਾਬ ਦੀ ਸੱਤਾ ’ਤੇ ਕਬਜ਼ਾ ਕਰਕੇ ਤਾਨਾਸ਼ਾਹੀ ਰਾਜ ਲਾਗੂ ਕਰ ਦਿੱਤਾ ਹੈ।
ਸਾਬਕਾ ਵਿਧਾਇਕ ਨੇ ਕਿਹਾ ਕਿ ਪਠਾਣਮਾਜਰਾ ਨੂੰ ਸੱਚ ਬੋਲਣ ਲਈ ਪਹਿਲਾਂ ਕੇਸਾਂ ’ਚ ਫਸਾਇਆ ਗਿਆ ਅਤੇ ਹੁਣ ਉਸ ਦੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਨਿੰਦਣਯੋਗ ਹੈ। ਉਨ੍ਹਾਂ 92 ਵਿਧਾਇਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅੱਜ ਜੋ ਹਾਲਾਤ ਪਠਾਣਮਾਜਰਾ ’ਤੇ ਆਏ ਹਨ, ਭਵਿੱਖ ਵਿਚ ਇਹੀ ਹਾਲਾਤ ਕਿਸੇ ਹੋਰ ਵਿਧਾਇਕ ’ਤੇ ਵੀ ਆ ਸਕਦੇ ਹਨ। ਇਸ ਲਈ ਉਹਨਾਂ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਹੋ ਰਹੀ ਵਧੀਕੀ ਦੇ ਵਿਰੋਧ ਵਿਚ ਹਾਅ ਦਾ ਨਾਅਰਾ ਮਾਰਣ।
।