ਚੰਡੀਗੜ੍ਹ, 28 ਸਤੰਬਰ: ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਅਤੇ ਟਿਕਾਊ ਖੇਤੀਬਾੜੀ ਨੂੰ ਵਧਾਵਾ ਦੇਣ ਲਈ ਵੱਡਾ ਕਦਮ ਚੁੱਕਦਿਆਂ ਫਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ.) ਲਈ ਵਿਆਪਕ ਸੂਚਨਾ, ਸਿੱਖਿਆ ਅਤੇ ਸੰਚਾਰ (ਆਈ.ਈ.ਸੀ.) ਯੋਜਨਾ ਸ਼ੁਰੂ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁਹਿੰਮ ਦਾ ਮੁੱਖ ਉਦੇਸ਼ ਕਿਸਾਨਾਂ, ਵਿਦਿਆਰਥੀਆਂ ਅਤੇ ਪੇਂਡੂ ਭਾਈਚਾਰੇ ਨੂੰ ਸਿੱਧੇ ਤੌਰ ‘ਤੇ ਜੋੜ ਕੇ ਵਾਤਾਵਰਣ-ਅਨੁਕੂਲ ਖੇਤੀ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ।
ਸ. ਖੁੱਡੀਆਂ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ 50 ਪ੍ਰਚਾਰ ਵੈਨਾਂ ਪੇਂਡੂ ਖੇਤਰਾਂ ਵਿੱਚ ਜਾਣਕਾਰੀ ਭਰਪੂਰ ਸੰਦੇਸ਼ ਪਹੁੰਚਾਉਣਗੀਆਂ। ਇਸ ਤੋਂ ਇਲਾਵਾ, 444 ‘ਨੁੱਕੜ ਨਾਟਕ’ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਸੂਬੇ ਭਰ ਵਿੱਚ 12,500 ਕੰਧ ਚਿੱਤਰਾਂ ਰਾਹੀਂ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਸੰਦੇਸ਼ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ 3,333 ਪਿੰਡ-ਪੱਧਰੀ ਅਤੇ 296 ਬਲਾਕ-ਪੱਧਰੀ ਕੈਂਪ ਲਗਾ ਕੇ ਮਾਹਿਰਾਂ ਦੀ ਸਲਾਹ ਤੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ। 148 ਆਸ਼ਾ ਵਰਕਰ ਪਿੰਡਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਟਿਕਾਊ ਖੇਤੀ ਵੱਲ ਪ੍ਰੇਰਿਤ ਕਰਨਗੇ। ਸਕੂਲੀ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਲੇਖ ਲਿਖਣ, ਪੇਂਟਿੰਗ ਤੇ ਵਿਚਾਰ-ਵਟਾਂਦਰੇ ਦੇ ਮੁਕਾਬਲੇ ਕਰਵਾਏ ਜਾਣਗੇ।
ਸ. ਖੁੱਡੀਆਂ ਨੇ ਕਿਹਾ, “ਸਾਡੀ ਮਿੱਟੀ ਅਤੇ ਲੋਕਾਂ ਦੀ ਸਿਹਤ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਇਸ ਸਾਲ ਅਸੀਂ ਸਿਰਫ਼ ਮਸ਼ੀਨਰੀ ਹੀ ਨਹੀਂ ਦੇ ਰਹੇ, ਸਗੋਂ ਲੋਕਾਂ ਦੇ ਦਿਲਾਂ ਤੇ ਮਨਾਂ ਤੱਕ ਪਹੁੰਚ ਰਹੇ ਹਾਂ। ਇਹ ਮੁਹਿੰਮ ਇਕ ‘ਜਨ ਅੰਦੋਲਨ’ ਵਜੋਂ ਚਲਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਸਿੱਖਿਆ ਦੇ ਕੇ ਪਰਾਲੀ ਸਾੜਨ ਰੋਕਣ ਵਿੱਚ ਉਹਨਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।”
ਖੇਤੀਬਾੜੀ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਕਿਹਾ ਕਿ 2018-19 ਤੋਂ ਹੁਣ ਤੱਕ ਕਿਸਾਨਾਂ ਨੂੰ 1.58 ਲੱਖ ਸੀ.ਆਰ.ਐਮ. ਮਸ਼ੀਨਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਉਮੀਦ ਹੈ ਕਿ ਇਸ ਵਾਰੀ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਮਹੱਤਵਪੂਰਣ ਕਮੀ ਆਵੇਗੀ।